ਸੰਗਤਾਂ ਨੂੰ ਸਮਾਗਮ ਮੌਕੇ ਸ਼ਹੀਦ ਭਗਤ ਸਿੰਘ ਬਹੁ ਮੰਤਵੀ ਖੇਡ ਸਟੇਡੀਅਮ ਵਿਖੇ ਪਹੁੰਚਣ ਦੀ ਕੀਤੀ ਅਪੀਲ
ਬਠਿੰਡਾ, 10 ਨਵੰਬਰ (ਆਪਣੀ ਖ਼ਬਰ ਬਿਉਰੋ) ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਮਹਾਨ ਸ਼ਹੀਦਾਂ ਦੀ ਅਮਰ ਸ਼ਹਾਦਤ ਨੂੰ ਸਮਰਪਿਤ ਸਥਾਨਕ ਸ਼ਹੀਦ ਭਗਤ ਸਿੰਘ ਬਹੁ-ਮੰਤਵੀਂ ਖੇਡ ਸਟੇਡੀਅਮ ਵਿਖੇ 17 ਨਵੰਬਰ 2025 ਨੂੰ “ਲਾਈਟ ਐਂਡ ਸਾਊਂਡ” ਸਮਾਗਮ ਕਰਵਾਇਆ ਜਾਵੇਗਾ, ਜੋ ਕਿ ਸ਼ਾਮ 6 ਤੋਂ ਸ਼ਾਮ 7 ਵਜੇ ਤੱਕ ਚੱਲੇਗਾ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਨੇ ਸਮਾਗਮ ਦੀਆਂ ਆਗਾਂਊਂ ਤਿਆਰੀਆਂ ਸਬੰਧੀ ਅਧਿਕਾਰੀਆਂ ਨਾਲ ਕੀਤੀ ਗਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸਾਂਝੀ ਕੀਤੀ। ਇਸ ਮੌਕੇ ਉਨ੍ਹਾਂ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਵੀ ਦਿੱਤੇ। ਇਸ ਮੌਕੇ ਉਨ੍ਹਾਂ ਦੇ ਨਾਲ ਐਸਐਸਪੀ ਅਮਨੀਤ ਕੌਂਡਲ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ।ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਸਮਾਗਮ ਸਾਨੂੰ ਆਪਣੇ ਗੁਰੂ ਸਾਹਿਬਾਨ ਅਤੇ ਸ਼ਹੀਦਾਂ ਦੀਆਂ ਅਮਰ ਕੁਰਬਾਨੀਆਂ ਨੂੰ ਯਾਦ ਕਰਨ ਦਾ ਇਕ ਅਨਮੋਲ ਮੌਕਾ ਪ੍ਰਦਾਨ ਕਰੇਗਾ। ਉਨ੍ਹਾਂ ਦੱਸਿਆ ਕਿ “ਰੌਸ਼ਨੀ ਤੇ ਆਵਾਜ਼” ਦੇ ਇਸ ਵਿਲੱਖਣ ਪ੍ਰੋਗਰਾਮ ਰਾਹੀਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਧਰਮ ਲਈ ਕੀਤੇ ਬਲਿਦਾਨਮਈ ਜੀਵਨ ਪ੍ਰਸੰਗ ਨੂੰ ਦਰਸਾਇਆ ਜਾਵੇਗਾ, ਜੋ ਹਰ ਉਮਰ ਦੇ ਲੋਕਾਂ, ਖ਼ਾਸ ਤੌਰ ‘ਤੇ ਨੌਜਵਾਨ ਪੀੜ੍ਹੀ ਲਈ ਪ੍ਰੇਰਣਾ ਦਾ ਸਰੋਤ ਬਣੇਗਾ।ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਸ ਤਰ੍ਹਾਂ ਦੇ ਸਮਾਗਮਾਂ ਰਾਹੀਂ ਲੋਕਾਂ ਨੂੰ ਆਪਣੇ ਇਤਿਹਾਸ, ਧਾਰਮਿਕ ਵਿਰਾਸਤ ਅਤੇ ਸੱਭਿਆਚਾਰ ਨਾਲ ਜੋੜਨ ਦਾ ਉਦੇਸ਼ ਹੈ। ਉਨ੍ਹਾਂ ਕਿਹਾ ਕਿ “ਸਾਡੇ ਗੁਰੂ ਸਾਹਿਬਾਨਾਂ ਨੇ ਧਰਮ, ਨਿਆਂ ਅਤੇ ਮਨੁੱਖਤਾ ਦੀ ਰੱਖਿਆ ਲਈ ਆਪਣੀਆਂ ਜਾਨਾਂ ਨਿਛਾਵਰ ਕੀਤੀਆਂ। ਉਨ੍ਹਾਂ ਦੀਆਂ ਕੁਰਬਾਨੀਆਂ ਸਾਨੂੰ ਏਕਤਾ, ਸਹਿਣਸ਼ੀਲਤਾ ਅਤੇ ਸੱਚਾਈ ਦੇ ਰਸਤੇ ‘ਤੇ ਤੁਰਨ ਦੀ ਪ੍ਰੇਰਣਾ ਦਿੰਦੀਆਂ ਹਨ।ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਆਪੋਂ-ਆਪਣੀ ਡਿਊਟੀ ਨੂੰ ਸੇਵਾ ਭਾਵਨਾ ਨਾਲ ਨਿਭਾਉਣਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਸਮਾਗਮ ਵਾਲੀ ਥਾਂ ‘ਤੇ ਸੁਰੱਖਿਆ ਦੇ ਪ੍ਰਬੰਧਾਂ ਤੋਂ ਇਲਾਵਾ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਨਿਰਵਿਘਨ ਚਲਾਉਣਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਡਾਕਟਰੀ ਟੀਮਾਂ ਸਮੇਤ ਐਬੂਲੈਂਸਾਂ ਦਾ ਖਾਸ ਪ੍ਰਬੰਧ ਕਰਨਾ ਲਾਜ਼ਮੀ ਬਣਾਇਆ ਜਾਵੇ। ਉਨ੍ਹਾਂ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਵੀ ਆਦੇਸ਼ ਦਿੰਦਿਆਂ ਕਿਹਾ ਕਿ ਸਮਾਗਮ ਵਾਲੀ ਥਾਂ ‘ਤੇ ਸਾਫ-ਸਫਾਈ ਆਦਿ ਕਰਨੀ ਯਕੀਨੀ ਬਣਾਈ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਬੈਰੀਕੇਡਿੰਗ, ਬਿਜਲੀ, ਆਰਜ਼ੀ ਪਖਾਨੇ, ਪੀਣ ਵਾਲੇ ਪਾਣੀ ਆਦਿ ਸਾਰੇ ਪ੍ਰਬੰਧ ਕਰਨੇ ਲਾਜ਼ਮੀ ਬਣਾਏ ਜਾਣ।ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਉਹ 17 ਨਵੰਬਰ 2025 ਦੀ ਸ਼ਾਮ ਨੂੰ ਸਥਾਨਕ ਸ਼ਹੀਦ ਭਗਤ ਸਿੰਘ ਬਹੁ ਮੰਤਵੀ ਖੇਡ ਸਟੇਡੀਅਮ ਵਿੱਚ ਕਰਵਾਏ ਜਾ ਰਹੇ “ਲਾਈਟ ਐਂਡ ਸਾਊਂਡ” ਸਮਾਗਮ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਅਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੀ ਲਾਸਾਨੀ ਸ਼ਹਾਦਤ ਬਾਰੇ ਵਡਮੁੱਲੀ ਜਾਣਕਾਰੀ ਹਾਸਲ ਕਰਨ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਕੰਚਨ, ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਸ਼੍ਰੀ ਨਰਿੰਦਰ ਧਾਲੀਵਾਲ, ਸਹਾਇਕ ਕਮਿਸ਼ਨਰ ਜਨਰਲ ਸ੍ਰੀ ਗਗਨਦੀਪ ਸਿੰਘ, ਐਸਡੀਐਮ ਤਲਵੰਡੀ ਸਾਬੋ ਸ੍ਰੀ ਪੰਕਜ, ਐਸਡੀਐਮ ਮੌੜ ਸ੍ਰੀ ਸੁਖਰਾਜ ਸਿੰਘ, ਆਰ.ਟੀ.ਓ. ਪੁਨੀਤ ਸ਼ਰਮਾ, ਡੀਡੀਪੀਓ ਸ਼੍ਰੀ ਅਭਿਨਵ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਆਦਿ ਹਾਜ਼ਰ ਸਨ।

