ਬਰਨਾਲਾ, 6 ਦਸੰਬਰ (ਆਪਣੀ ਖ਼ਬਰ ਬਿਉਰੋ): ਸੁਤੰਤਰਤਾ ਸੰਗਰਾਮੀ ਖਜ਼ਾਨ ਸਿੰਘ ਸਰਕਾਰੀ ਹਾਈ ਸਕੂਲ ਬਦਰਾ ਵਿਖੇ ਨੈਤਿਕ ਸਿੱਖਿਆ ਸਬੰਧੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਸੈਮੀਨਾਰ ਦੌਰਾਨ ਪਿੰਡ ਬਦਰਾ ਦੇ ਜੰਮਪਲ ਤੇ ਪੀ.ਐਸ.ਪੀ.ਸੀ.ਐਲ. ਦੇ ਸੇਵਾਮੁਕਤ ਇੰਜੀਨੀਅਰ ਦਰਸ਼ਨ ਸਿੰਘ ਭੁੱਲਰ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ। ਸ੍ਰੀ ਭੁੱਲਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਨੁੱਖੀ ਕਦਰਾਂ–ਕੀਮਤਾਂ ਵਿੱਚ ਆ ਰਹੇ ਨਿਘਾਰ ਕਾਰਨ ਸਾਡਾ ਸਮਾਜਿਕ ਢਾਂਚਾ ਲਗਾਤਾਰ ਗੁੰਝਲਦਾਰ ਹੁੰਦਾ ਜਾ ਰਿਹਾ ਹੈ। ਸਮਾਜ ਵਿੱਚ ਰਿਸ਼ਵਤਖੋਰੀ, ਨਸ਼ਾਖੋਰੀ, ਹਿੰਸਾ, ਭਾਈ–ਭਤੀਜਾਵਾਦ ਅਤੇ ਨਾ–ਬਰਾਬਰੀ ਵਰਗੀਆਂ ਭੈੜੀਆਂ ਅਲਾਮਤਾਂ ਦਾ ਲਗਾਤਾਰ ਵਾਧਾ ਹੋ ਰਿਹਾ ਹੈ ਤੇ ਆਪਸੀ ਪਿਆਰ, ਮਿਲਵਰਤਨ ਅਤੇ ਹਮਦਰਦੀ ਦੀ ਭਾਵਨਾ ਦਿਨੋ–ਦਿਨ ਘਟ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਨਰੋਏ ਸਮਾਜ ਦੀ ਸਿਰਜਣਾ ਲਈ ਨੈਤਿਕ ਕਦਰਾਂ–ਕੀਮਤਾਂ ਦਾ ਧਾਰਨੀ ਹੋਣਾ ਬੇਹੱਦ ਜਰੂਰੀ ਹਨ। ਇੱਕ ਸੰਤੁਲਿਤ ਤੇ ਸੰਪੂਰਨ ਸਖਸ਼ੀਅਤ ਦੀ ਉਸਾਰੀ ਲਈ ਨੈਤਿਕ ਕਦਰਾਂ–ਕੀਮਤਾਂ ਬਹੁਤ ਮਹੱਤਵਪੂਰਨ ਭੂਮਿਕਾ ਅਦਾ ਕਰਦੀਆਂ ਹਨ। ਸਕੂਲ ਮੁਖੀ ਰਘੁਵੀਰ ਸਿੰਘ ਨੇ ਇੰਜੀਨੀਅਰ ਦਰਸ਼ਨ ਸਿੰਘ ਭੁੱਲਰ ਦਾ ਧੰਨਵਾਦ ਕਰਦਿਆਂ ਵਿਦਿਆਰਥੀਆਂ ਨੂੰ ਆਪਣੇ ਜੀਵਨ ਵਿੱਚ ਨੈਤਿਕ ਕਦਰਾਂ–ਕੀਮਤਾਂ ਧਾਰਨ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਅਵਤਾਰ ਸਿੰਘ, ਕੁਲਵੰਤ ਸਿੰਘ, ਚਿਰਜੋਤ ਸਿੰਘ ਸਮੇਤ ਸਮੂਹ ਸਟਾਫ ਅਤੇ ਵਿਦਿਆਰਥੀ ਮੌਜੂਦ ਸਨ।
ਫੋਟੋ ਕੈਪਸ਼ਨ : ਸੁਤੰਤਰਤਾ ਸੰਗਰਾਮੀ ਖਜ਼ਾਨ ਸਿੰਘ ਸਰਕਾਰੀ ਹਾਈ ਸਕੂਲ ਬਦਰਾ ਵਿਖੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਦਰਸ਼ਨ ਸਿੰਘ ਭੁੱਲਰ ਤੇ ਹਾਜ਼ਰ ਵਿਦਿਆਰਥੀ

