19 C
New York
Saturday, August 29, 2026

Buy now

spot_img

ਮਾਈ ਭਾਗੋ ਡਿਗਰੀ ਕਾਲਜ ਰੱਲਾ ਵੱਲੋਂ ਸ਼ਾਨਦਾਰ ਅੰਤਰ-ਰਾਜੀ ਵਿੱਦਿਅਕ ਟੂਰ ਦਾ ਆਯੋਜਨ

ਜੋਗਾ 22 ਨਵੰਬਰ (ਵਿਰੇੰਦਰਪਾਲ ਮੰਤਰੋ) ਮਾਈ ਭਾਗੋ ਡਿਗਰੀ ਕਾਲਜ ਰੱਲਾ, ਜੋ ਇਲਾਕੇ ਵਿੱਚ ਮਿਆਰੀ ਸਿੱਖਿਆ ਦੇ ਨਾਲ-ਨਾਲ ਸਹਿ-ਗਤੀਵਿਧੀਆਂ ਲਈ ਜਾਣੀ ਜਾਂਦੀ ਸੰਸਥਾ ਹੈ। ਇਸੇ ਲੜੀ ਵਿੱਚ ਬੀਤੇ ਦਿਨੀ ਪ੍ਰਿੰਸੀਪਲ ਪਰਮਿੰਦਰ ਕੁਮਾਰੀ ਦੀ ਰਹਿਨੁਮਾਈ ਅਤੇ ਪ੍ਰਬੰਧਕੀ ਟੀਮ ਅਧੀਨ ਤਿੰਨ ਦਿਨਾਂ ਦਾ ਸ਼ਾਨਦਾਰ ਵਿੱਦਿਅਕ ਟੂਰ ਆਯੋਜਿਤ ਕੀਤਾ ਗਿਆ, ਜਿਸ ਵਿੱਚ ਵਿਦਿਆਰਥੀਆਂ ਨੂੰ ਸ਼ਿਮਲਾ, ਕੁਫਰੀ, ਪਿੰਜੌਰ ਅਤੇ ਨਾਡਾ ਸਾਹਿਬ ਵਰਗੀਆਂ ਪ੍ਰਸਿੱਧ ਅਤੇ ਇਤਿਹਾਸਕ ਥਾਵਾਂ ਦਾ ਦੌਰਾ ਕਰਵਾਇਆ ਗਿਆ। ਇਸ ਵਿੱਦਿਅਕ ਯਾਤਰਾ ਦਾ ਮੁੱਖ ਮਨੋਰਥ ਵਿਦਿਆਰਥੀਆਂ ਨੂੰ ਕਲਾਸਰੂਮ ਦੀ ਸਿਧਾਂਤਕ ਸਿੱਖਿਆ ਤੋਂ ਇਲਾਵਾ ਵਿਹਾਰਕ ਦੁਨਿਆ, ਭਾਰਤ ਦੀ ਭੂਗੋਲਕ ਰੂਪ-ਰੇਖਾ, ਕੁਦਰਤੀ ਸੰਸਾਧਨਾਂ, ਵਾਤਾਵਰਣ ਸੰਰਕਸ਼ਣ, ਇਤਿਹਾਸਕ ਵਿਰਾਸਤ, ਸੱਭਿਆਚਾਰਕ ਵਿਭਿੰਨਤਾ ਅਤੇ ਆਤਮਿਕ ਧਰੋਹਰ ਨਾਲ ਨੇੜਤਾ ਬਣਾਉਣਾ ਸੀ। ਟੂਰ ਦੀ ਸ਼ੁਰੂਆਤ ਕਾਲਜ ਕੈੰਪਸ ਰੱਲਾ ਤੋਂ ਸਵੇਰੇ ਕੀਤੀ ਗਈ ਅਤੇ ਰਸਤੇ ਵਿੱਚ ਵਿਦਿਆਰਥੀਆਂ ਨੂੰ ਹਿਮਾਲਿਆਈ ਪਹਾੜੀ ਦ੍ਰਿਸ਼ਾਂ, ਪਹਾੜੀ ਸੜਕਾਂ ਦੀ ਬਣਤਰ, ਵਨਸਪਤੀ, ਮੌਸਮੀ ਤਬਦੀਲੀਆਂ ਅਤੇ ਪਹਾੜੀ ਜੀਵਨ-ਮਾਨ ਦੇ ਬਾਰੇ ਅਧਿਆਪਕਾਂ ਨੇ ਜਾਣਕਾਰੀ ਪ੍ਰਦਾਨ ਕੀਤੀ। ਕੁਫਰੀ ਵਿਖੇ ਵਿਦਿਆਰਥੀਆਂ ਨੇ ਚੈਲ ਪੈਲਿਸ, ਹਿਮਾਲਯਨ ਨੇਚਰ ਪਾਰਕ, ਸਨੋ-ਵਿਊ ਪਾਇੰਟ ਅਤੇ ਵੱਖ-ਵੱਖ ਐਡਵੈਂਚਰ ਗਤੀਵਿਧੀਆਂ ਦਾ ਆਨੰਦ ਮਾਣਿਆ, ਜਿੱਥੇ ਉਨ੍ਹਾਂ ਨੂੰ ਹਿਮਾਚਲ ਦੀ ਜੰਗਲੀ ਜੀਵ ਵਿਭਿੰਨਤਾ ਜਿਵੇਂ ਕਸ਼ਮੀਰੀ ਹਿਰਨ, ਹਿਮਾਲਿਆਈ ਭਾਲੂ, ਬਰਫ਼ੀਲੇ ਤਿੰਦੂਏ, ਪਹਾੜੀ ਪੰਛੀਆਂ ਅਤੇ ਦੁਲਰਭ ਪ੍ਰਜਾਤੀਆਂ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀ ਮਿਲੀ। ਯਾਕ ਸਵਾਰੀ ਤੇ ਘੋੜਸਵਾਰੀ ਨੇ ਇਸ ਟੂਰ ਨੂੰ ਹੋਰ ਵੀ ਰੋਮਾਂਚਕ ਬਣਾਇਆ। ਸ਼ਿਮਲਾ ਪਹੁੰਚਣ ‘ਤੇ ਵਿਦਿਆਰਥੀਆਂ ਨੇ ਮਾਲ ਰੋਡ, ਕ੍ਰਾਈਸਟ ਚਰਚ, ਰਿਜ ਮੈਦਾਨ ਅਤੇ ਬ੍ਰਿਟਿਸ਼ ਰਾਜ ਦੀਆਂ ਪ੍ਰਾਚੀਨ ਇਮਾਰਤਾਂ ਦਾ ਦੌਰਾ ਕੀਤਾ, ਜਿੱਥੇ ਅਧਿਆਪਕਾਂ ਨੇ ਉਨ੍ਹਾਂ ਨੂੰ 19ਵੀਂ ਅਤੇ 20ਵੀਂ ਸਦੀ ਦੇ ਬਰਤਾਨਵੀ ਸ਼ਾਸਨ, ਅੰਗਰੇਜ਼ ਪਰਸ਼ਾਸਨਿਕ ਪ੍ਰਣਾਲੀ, ਟਾਊਨ ਪਲਾਨਿੰਗ, ਸੰਸਕ੍ਰਿਤਿਕ ਵਿਰਾਸਤ ਅਤੇ ਸ਼ਿਮਲਾ ਦੇ ਇਤਿਹਾਸਕ ਮਹੱਤਵ ਬਾਰੇ ਵਿਸਥਾਰਿਤ ਜਾਣਕਾਰੀ ਦਿੱਤੀ। ਵਾਪਸੀ ਦੌਰਾਨ ਵਿਦਿਆਰਥੀਆਂ ਨੇ ਪਿੰਜੌਰ ਗਾਰਡਨ ਦੀ ਮੁਗਲ ਕਲਾ, ਬਾਗਬਾਨੀ, ਇਮਾਰਤੀ ਰਚਨਾ ਅਤੇ ਇਤਿਹਾਸਕ ਤਰਜ਼ ਨਾਲ ਬਣੇ ਫੁਹਾਰਿਆਂ ਦੀ ਵਿਲੱਖਣ ਸੁੰਦਰਤਾ ਦਾ ਤਜਰਬਾ ਕੀਤਾ। ਨਾਡਾ ਸਾਹਿਬ ਗੁਰਦੁਆਰਾ ਵਿਖੇ ਵਿਦਿਆਰਥੀਆਂ ਨੇ ਧਾਰਮਿਕ ਸ਼ਰਧਾ, ਸਿੱਖ ਇਤਿਹਾਸ ਅਤੇ ਗੁਰੂ ਸਾਹਿਬਾਨ ਦੀਆਂ ਰਵਾਇਤਾਂ ਨਾਲ ਸੰਬੰਧਿਤ ਗਿਆਨ ਪ੍ਰਾਪਤ ਕੀਤਾ। ਇਸ ਟੂਰ ਦੀ ਅਗਵਾਈ ਕੋਆਰਡੀਨੇਟਰ ਹਰਪ੍ਰੀਤ ਸਿੰਘ, ਅਸਿਸਟੈਂਟ ਪ੍ਰੋਫੈਸਰ ਬੇਅੰਤ ਕੌਰ, ਅਸਿਸਟੈਂਟ ਪ੍ਰੋਫੈਸਰ ਪਰਮਜੀਤ ਕੌਰ ਅਤੇ ਅਸਿਸਟੈਂਟ ਪ੍ਰੋਫੈਸਰ ਮਨਪ੍ਰੀਤ ਸਿੰਘ ਨੇ ਬਹੁਤ ਹੀ ਜ਼ਿੰਮੇਵਾਰੀ ਅਤੇ ਸਮਰਪਣ ਨਾਲ ਨਿਭਾਈ, ਜਿਨ੍ਹਾਂ ਨੇ ਪੂਰੇ ਟੂਰ ਦੌਰਾਨ ਵਿਦਿਆਰਥੀਆਂ ਦੀ ਸੁਰੱਖਿਆ, ਸਿੱਖਣ ਦੀ ਪ੍ਰਕਿਰਿਆ ਅਤੇ ਅਨੁਸ਼ਾਸਨ ਨੂੰ ਸ਼ਾਨਦਾਰ ਢੰਗ ਨਾਲ ਬਰਕਰਾਰ ਰੱਖਿਆ। ਟੂਰ ਦੀ ਸਫਲਤਾ ‘ਤੇ ਮੈਨੇਜਮੈਂਟ ਚੇਅਰਮੈਨ ਡਾ. ਬਲਵਿੰਦਰ ਸਿੰਘ ਬਰਾੜ, ਮੈਨੇਜਿੰਗ ਡਾਇਰੈਕਟਰ ਸ੍ਰੀ ਕੁਲਦੀਪ ਸਿੰਘ ਖਿਆਲਾ, ਸਕੱਤਰ ਸ੍ਰੀ ਮਨਜੀਤ ਸਿੰਘ ਖਿਆਲਾ, ਵਾਇਸ ਚੇਅਰਮੈਨ ਸ੍ਰੀ ਪਰਮਜੀਤ ਸਿੰਘ ਬੁਰਜ ਹਰੀ ਅਤੇ ਆਫਿਸ ਐਡਮਿਨਿਸਟ੍ਰੇਟਰ ਮੈਡਮ ਲਵਪ੍ਰੀਤ ਕੌਰ ਨੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਵਿੱਦਿਅਕ ਟੂਰ ਵਿਦਿਆਰਥੀਆਂ ਦੀ ਜ਼ਮੀਨੀ ਸਮਝ ਦਾ ਵਿਕਾਸ ਕਰਦੇ ਹਨ, ਉਨ੍ਹਾਂ ਦੇ ਗਿਆਨ ਵਿੱਚ ਵਾਧਾ ਕਰਦੇ ਹਨ ਅਤੇ ਭਾਰਤੀ ਭੂਗੋਲ, ਇਤਿਹਾਸ, ਕੁਦਰਤ ਅਤੇ ਸੱਭਿਆਚਾਰ ਨੂੰ ਪ੍ਰਤੱਖ ਤਜਰਬੇ ਨਾਲ ਸਿੱਖਣ ਦਾ ਸੁਨੇਹਰੀ ਮੌਕਾ ਪ੍ਰਦਾਨ ਕਰਦੇ ਹਨ। ਮੈਨੇਜਮੈਂਟ ਵੱਲੋਂ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਵਿੱਦਿਅਕ ਟੂਰ ਉਲੀਕਣ ਲਈ ਵਚਨਬੱਧਤਾ ਪ੍ਰਗਟ ਕੀਤੀ।

ਸਬੰਧਤ ਖ਼ਬਰਾਂ

LEAVE A REPLY

Please enter your comment!
Please enter your name here

- Advertisement -spot_img

ਤਾਜ਼ਾ ਖ਼ਬਰਾਂ