ਬਠਿੰਡਾ, 8 ਨਵੰਬਰ :(ਆਪਣੀ ਖ਼ਬਰ ਬਿਉਰੋ ) ਸਿਵਲ ਸਰਜਨ ਬਠਿੰਡਾ ਡਾ ਤਪਿੰਦਰਜੋਤ ਦਿਸ਼ਾ-ਨਿਰਦੇਸ਼ਾਂ ਅਨੁਸਾਰ ਡੇਂਗੂ ਤੇ ਵਾਰ ਮੁਹਿੰਮ ਤਹਿਤ ਜ਼ਿਲ੍ਹੇ ਦੇ ਡੇਂਗੂ ਪ੍ਰਭਾਵਿਤ ਏਰੀਆ ਵਿੱਚ ਡੇਂਗੂ ਅਤੇ ਮਲੇਰੀਆ ਦੇ ਸਰਵੇ ਲਈ ਟੀਮਾਂ ਨੂੰ ਰਵਾਨਾ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਸਿਹਤ ਅਫ਼ਸਰ ਡਾ ਊਸ਼ਾ ਗੋਇਲ, ਜ਼ਿਲ੍ਹਾ ਐਪੀਡੀਮੋਲੋਜਿਸਟ ਡਾ ਸੁਕਰਿਤੀ, ਡਿਪਟੀ ਮਾਸ ਮੀਡੀਆ ਅਫ਼ਸਰ ਰੋਹਿਤ ਜਿੰਦਲ, ਜਿਲ੍ਹਾ ਬੀ.ਸੀ.ਸੀ ਨਰਿੰਦਰ ਕੁਮਾਰ, ਹੈਲਥ ਇੰਸਪੈਕਟਰ ਹਰਜੀਤ ਸਿੰਘ, ਬੂਟਾ ਸਿੰਘ, ਨਰਦੇਵ ਸਿੰਘ, ਸੁਖਦੇਵ ਸਿੰਘ, ਜਸਵਿੰਦਰ ਸ਼ਰਮਾ, ਅਤੇ ਹੈਲਥ ਵਰਕਰ ਟੀਮ ਵਿੱਚ ਮੌਜੂਦ ਸਨ।

ਇਸ ਸਬੰਧੀ ਜਾਣਕਾਰੀ ਦਿੰਦਿਆ ਸਿਵਲ ਸਰਜਨ ਡਾ ਤਪਿੰਦਰਜੋਤ ਨੇ ਦੱਸਿਆ ਕਿ ਡੇਂਗੂ ਪ੍ਰਭਾਵਿਤ ਇਲਾਕਿਆਂ ਵਿੱਚ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਸਰਵੇ ਅਤੇ ਫੌਗਿੰਗ ਕਰਨ ਲਈ ਟੀਮਾਂ ਨੂੰ ਰਵਾਨਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਹ ਟੀਮਾਂ ਪ੍ਰਭਾਵਿਤ ਇਲਾਕਿਆ ਵਿਚ ਡੇਂਗੂ ਅਤੇ ਮਲੇਰੀਆ ਦਾ ਸਰਵੇ ਕਰਕੇ ਸਪਰੇ ਅਤੇ ਫੌਗਿੰਗ ਕਰਨਗੀਆਂ।
ਉਨ੍ਹਾਂ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਮੌਸਮ ਵਿੱਚ ਡੇਂਗੂ ਮੱਛਰ ਪੈਦਾ ਹੋਂਣ ਦਾ ਖਤਰਾ ਵੱਧ ਜਾਦਾ ਹੈ ਜਿਸ ਕਾਰਨ ਡੇਂਗੂ ਬੁਖਾਰ ਦੇ ਫੈਲਣ ਦਾ ਖਤਰਾ ਵੱਧ ਜਾਂਦਾ ਹੈ ਸੋ ਡੇਂਗੂ ਬੁਖਾਰ ਤੋ ਖੁਦ ਨੂੰ, ਆਪਣੇ ਪਰਿਵਾਰ ਅਤੇ ਸਮਾਜ ਨੂੰ ਬਚਾਉਣ ਲਈ ਸਾਡੀ ਸਾਰਿਆਂ ਦੀ ਜੁਮੇਵਾਰੀ ਬਣਦੀ ਹੈ ਕਿ ਆਪਣੇ ਆਲੇ-ਦੁਆਲੇ ਦੀ ਸਫਾਈ ਰੱਖੀ ਜਾਵੇ। ਮੱਛਰ ਪੈਦਾ ਹੋਣ ਦੇ ਸੋਮਿਆ ਦਾ ਖਾਤਮਾ ਕੀਤਾ ਜਾਵੇ। ਸਰਕਾਰੀ ਦਫਤਰਾਂ ਵਿੱਚ ਹਰ ਸੁਕਰਵਾਰ ਨੂੰ ਡਰਾਈ ਡੇ ਮਨਾਇਆ ਜਾਵੇ। ਜਿਸ ਦੌਰਾਨ ਘਰ ਅਤੇ ਦਫ਼ਤਰਾਂ ਵਿੱਚ ਮੌਜੂਦ ਕੂਲਰਾਂ, ਫਰਿਜ਼ ਦੀ ਟਰੇਅ, ਪੰਛੀਆਂ ਲਈ ਰਖੇ ਪਾਣੀ ਦੇ ਕਟੋਰੇ ਆਦਿ ਦੀ ਸਫਾਈ ਕੀਤੀ ਜਾਵੇ ਅਤੇ ਘਰ ਵਿੱਚ ਵਾਧੂ ਪਏ ਕਬਾੜ ਦਾ ਸਮਾਨ ਆਦਿ ਦਾ ਨਿਪਟਾਰਾ ਕੀਤਾ ਜਾਵੇ।
ਇਸ ਤੋਂ ਇਲਾਵਾ ਘਰ ਦੇ ਨੇੜੇ ਖੜੇ ਪਾਣੀ ਅਤੇ ਛੱਪੜਾ ਆਦਿ ਵਿੱਚ ਹਰ ਹਫਤੇ ਕਾਲੇ ਤੇਲ ਦਾ ਛਿੜਕਾ ਕੀਤਾ ਜਾਵੇ ਤਾਂ ਜੋ ਮੱਛਰ ਦੇ ਲਾਰਵੇ ਨੂੰ ਖਤਮ ਕੀਤਾ ਜਾ ਸਕੇ। ਟੀਮ ਮੈਂਬਰਾ ਵੱਲੋ ਲੋਕਾਂ ਨੂੰ ਡੇਂਗੂ ਤੋ ਬਚਾਅ ਸਬੰਧੀ ਸਾਵਧਾਨਿਆ ਬਾਰੇ ਵੀ ਦੱਸਿਆ ਗਿਆ।
ਉਨ੍ਹਾਂ ਦੱਸਿਆ ਕਿ ਸਿਵਲ ਹਸਪਤਾਲ ਬਠਿੰਡਾ ਵਿਖੇ ਡੇਂਗੂ ਤੋ ਪੀੜਤ ਮਰੀਜ਼ਾ ਦੇ ਇਲਾਜ ਲਈ ਡੇਂਗੂ ਵਾਰਡ ਦੀ ਵਿਵਸਥਾ ਵੀ ਕਰ ਦਿੱਤੀ ਗਈ ਹੈ। ਉਹਨਾਂ ਦੱਸਿਆ ਜੇ ਕਰ ਕਿਸੇ ਵਿਅਕਤੀ ਨੂੰ ਡੇਂਗੂ ਬੁਖਾਰ ਦੇ ਲੱਛਣ ਜਿਸ ਵਿੱਚ ਇਕ ਦਮ ਤੇਜ਼ ਬਖਾਰ, ਸਿਰ ਦਰਦ, ਮਾਸ ਪੇਸ਼ੀਆਂ ਵਿੱਚ ਦਰਦ, ਅੱਖਾ ਦੇ ਪਿਛਲੇ ਹਿਸੇ ਵਿੱਚ ਦਰਦ, ਚਮੜੀ ਤੇ ਦਾਣੇ ਆਦਿ ਨਜਰ ਆਉਣ ਤਾ ਤਰੁੰਤ ਸਿਹਤ ਸੰਸਥਾ ਵਿੱਚ ਜਾਕੇ ਜਾਂਚ ਕਰਵਾਈ ਜਾਵੇ। ਰਾਜ ਦੇ ਸਾਰੇ ਸਰਕਾਰੀ ਹਸਪਤਾਲਾ ਵਿੱਚ ਡੇਂਗੂ ਬੁਖਾਰ ਦੇ ਟੈਸਟ ਅਤੇ ਇਲਾਜ ਮੁਫਤ ਕੀਤਾ ਜਾਂਦਾ ਹੈ ।
ਉਨ੍ਹਾਂ ਸਮੂਹ ਸਮਾਜ ਸੇਵੀ ਸੰਸਥਾਵਾ ਦੇ ਨੁਮਾਇੰਦਿਆ ਅਤੇ ਜਿਲ੍ਹਾ ਵਾਸੀਆ ਨੂੰ ਅਪੀਲ ਕੀਤੀ ਡੇਂਗੂ ਬੁਖਾਰ ਦੀ ਰੋਕਥਾਮ ਲਈ ਸਿਹਤ ਵਿਭਾਗ ਨੂੰ ਪੂਰਨ ਸਹਿਯੋਗ ਦਿੱਤਾ ਜਾਵੇ



